ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ ‘ਗੁਰਮਤਿ ਮਾਰਤੰਡ’ ਪੁਸਤਕ ਦੇ ਭਾਗ-1 ਵਿਚ ਪੰਨਾ 186 ਤੇ ‘ਸੰਤ’ ਸ਼ਬਦ ਸੰਬੰਧੀ ਅਰਥਾਂ ਵਿਚ ਲਿਖਿਆ ਹੈ “ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ”। ਫੁਟਨੋਟ ਵਿਚ ਹੇਠਾਂ ਵਰਨਣ ਕੀਤਾ ਹੈ ਕਿ ‘‘ਇਸ ਸਮੇਂ ਵੇਖਣ ਵਿਚ ਆਉਂਦਾ ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਉਏ, ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ ਤੇ ਅੰਨਧਿਕਾਰੀਆਂ ਦੀ ਮੰਨੀ ਹੰਕਾਰ ਵਧਾਉਂਦਾ ਹੈ।’’ ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ ‘ਸੰਤ’ ਨਹੀਂ ਸਵਿਕਾਰਦੀ ਅਤੇ ਸਮੁੱਚੇ ਇਨ੍ਹਾਂ ਵਿਅਕਤੀ ਸੰਤਾਂ ਦਾ ਖੰਡਣ ਕਰਦੀ ਹੈ।
ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ‘ਸੰਤ’ ਸ਼ਬਦ ਦਾ ਅਰਥ ਸ਼ਾਂਤ, ਮਨ ਇੰਦਰੀਆਂ ਨੂੰ ਜਿਸ ਨੇ ਟਿਕਾਇਆ ਹੈ। ਮਹਾਨ ਕੋਸ਼ ਦਾ ਲਿਖਾਰੀ ਲਿਖਦਾ ਹੈ ਕਿ ਸੰਗਿਯਾ ਰੂਪ ਵਿਚ ਗੁਰੂ ਨਾਨਕ ਦੇਵ ਜੀ ਨੇਂ ‘ਸਿੱਖ-ਸੰਗਤ’ ਲਈ ‘ਸੰਤ’ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਵੇਂ ਗਉੜੀ ਮਹਲਾ 5ਵਾਂ “ਸੰਤ ਸੰਗਿ ਹਰਿ ਮਨਿ ਵਸੈ ॥”














