eSikh.com

 
  • Increase font size
  • Default font size
  • Decrease font size
Home

ਕੀ ਖ਼ਾਲਸਤਾਨ ਅੱਤਵਾਦ ਹੈ ?

E-mail Print

ਮਹਾਸ਼ਾਂ ਮੀਡੀਆ ਅਤੇ ਪੰਜਾਬ ਵਿਚ ਕਾਬਜ਼ ਹੋ ਚੁੱਕੀ ਹਿੰਦੀ ਪ੍ਰੈਸ ਅਤੇ ਪਹਿਲਾਂ ਤੋਂ ਹੀ ਹਾਰ ਮੰਨ ਚੁੱਕੀ ਪੰਜਾਬੀ ਪ੍ਰੈਸ ਅਤੇ ਮੀਡੀਆ ਵਿਸ਼ਵ ਭਰ ਵਿਚ ਖ਼ਾਲਸਤਾਨ ਨੂੰ ਅੱਤਵਾਦੀ ਬਣਾਉਣ ਵਿਚ ਕੋਈ ਵੀ ਕਸਰ ਨਹੀਂ ਛੱਡ ਰਿਹਾ ਹੈ। ਪਹਿਲਾਂ ਜਿਵੇਂ ਲਫ਼ਜ਼ ਲਿਖਿਆ ਜਾਂਦਾ ਸੀ “ਸਿੱਖ ਅੱਤਵਾਦੀ” ਹੁਣ ਲਫ਼ਜ਼ ਸਿੱਖ ਅੱਤਵਾਦੀ ਦੀ ਥਾਂ ਤੇ ਲਿਖਿਆ ਜਾਂਦਾ ਹੈ “ਖ਼ਾਲਿਸਤਾਨੀ ਅੱਤਵਾਦੀ”। ਜਿਸਦਾ ਖਾੜਕੂ ਲੀਡਰਸ਼ਿਪ ਨੇ, ਉਨ੍ਹਾਂ ਦੇ ਬੁਲਾਰਿਆਂ ਨੇ, ਉਨ੍ਹਾਂ ਦੀਆਂ ਸਿਆਸੀ ਧਿਰਾਂ ਨੇ ਅਤੇ ਵਿਦੇਸ਼ਾਂ ਵਿਚ ਬੈਠੇ ਖ਼ਾਲਸਤਾਨੀ ਸੰਗਠਨਾਂ ਅਤੇ ਲੀਡਰਾਂ ਨੇ ਕਦੇ ਵੀ ਕੋਈ ਨੋਟਿਸ ਨਹੀਂ ਲਿਆ।

ਮਾਰਚ ਮਹੀਨੇ ਵਿਚ ਪਹਿਲੇ ਪੰਦਰਵਾੜੇ ਜੱਗਬਾਣੀ ਸਮੂਹ ਨੇ ਲਗਾਤਾਰ ਤਿੰਨ ਖਬਰਾਂ ਬੜੀਆਂ ਹੀ ਸੰਗੀਨ, ਸਨਸਨੀਖੇਜ਼ ਪਰ ਤੱਥ ਅਧਾਰਿਤ ਬਣਾ ਕੇ ਇਸੇ ਨਮਿੱਤ ਛਾਪੀਆ ਹਨ। ਜਿਸ ਦੀ ਪ੍ਰੋੜਤਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਕਰ ਦਿੱਤੀ ਹੈ। ਅਖ਼ਬਾਰ ਕਨੇਡਾ ਦੇ ਖਬਰਾਂ ਦੀ ਸੁਰਖੀ ਹੈ ਅਮਰੀਕਾ ਵਿਚ ਖ਼ਾਲਸਤਾਨੀ ਅੱਤਵਾਦੀ ਸਰਗਰਮ ਹੋਏ। ਇਸ ਤੋਂ ਬਾਅਦ ਕੁਝ ਦਿਨਾਂ ਦਾ ਵੱਖਵਾਂ ਪਾ ਕੇ ਖਬਰ ਆਉਂਦੀ ਹੈ ਖ਼ਾਲਸਤਾਨੀ ਅੱਤਵਾਦੀਆਂ ਨੇ, ਭਾਰਤ ਵਿਚ ਅੱਤਵਾਦੀ ਕਾਰਵਾਈਆਂ ਲਈ ਪੈਸਾ ਭੇਜਿਆ। ਹਫ਼ਤੇ ਕੁ ਬਾਅਦ ਫਿਰ ਖਬਰ ਛਾਪੀ ਜਾਂਦੀ ਹੈ ਵਿਦੇਸ਼ਾਂ ਵਿਚ ਖ਼ਾਲਸਤਾਨੀ ਅੱਤਵਾਦੀ ਪੰਜਾਬ ਵਿਚ ਮੁੜ ਅੱਤਵਾਦ ਫੈਲਾਉਣ ਲਈ ਹੋਏ ਸਰਗਰਮ। ਇਕ ਹੋਰ ਖਬਰ ਦਾ ਸਿਰਲੇਖ ਹੈ ਜਰਮਨ ਵਿਚ ਖ਼ਾਲਸਤਾਨੀ ਅੱਤਵਾਦੀਆਂ ਨੇ ਮੁੜ ਸਿਰ ਚੁੱਕੇ। ਹਿੰਦੀ ਅਤੇ ਮਹਾਸ਼ਾਂ ਅਖ਼ਬਾਰਾਂ ਦੇ ਐਡੀਸ਼ਨਾਂ ਵਿਚ ਮੁੜ ਫੇਰ ਲਿਖਿਆ ਜਾਂਦਾ ਹੈ ਇੰਗਲੈਂਡ ਸਮੇਤ ਯੂਰਪ ਦੇ ਦੇਸ਼ਾਂ ਵਿਚੋਂ ਖ਼ਾਲਸਤਾਨੀ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ ਵਧਾਈਆਂ। ਇਨ੍ਹਾਂ ਅਖ਼ਬਾਰੀ ਸਿਰਲੇਖਾਂ ਦੇ ਪਿੱਛੇ ਕੰਮ ਕਰਦਾ ਵਿਉਂਤਬੱਧ ਦਿਮਾਗ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਦਿਨਾਂ ਵਿਚ ਹੀ ਬਿਆਨ ਦਿਲਵਾਉਂਦਾ ਹੈ “ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਨਹੀਂ ਕੀਤੀਆ ਜਾ ਸਕਦੀਆਂ”। ਭਾਰਤ ਦਾ ਪ੍ਰਧਾਨ ਮੰਤਰੀ ਇਹ ਵੀ ਆਖਦਾ ਹੈ ਕਿ ਪੰਜਾਬ ਵਿਚ ਅੱਤਵਾਦ ਦਾ ਖਤਰਾ ਲਗਾਤਾਰ ਬਰਕਰਾਰ ਹੈ। ਪੰਜਾਬ ਦਾ ਅਕਾਲੀ ਮੁੱਖ ਮੰਤਰੀ ਬਿਆਨ ਦਾਗਦਾ ਹੈ ਕਿ ਅੱਤਵਾਦ ਨੂੰ ਮੁੜ ਪੈਦਾ ਨਹੀਂ ਹੋਣ ਦਿਆਂਗੇ। ਪੰਜਾਬ ਦਾ ਡੀ.ਜੀ.ਪੀ. ਬਿਆਨ ਦਿੰਦਾ ਹੈ ਕਿ ਸਰਹੱਦ ਪਾਰੋਂ ਅੱਤਵਾਦ ਦਾ ਖਤਰਾ ਘਟਿਆ ਨਹੀਂ ਹੈ ਅਤੇ ਅਸੀ ਉਸ ਤੇ ਪੂਰੀ ਨਿਗਾਹ ਰੱਖੀ ਹੋਈ ਹੈ। ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਨੂੰ ਖ਼ਾਲਸਤਾਨੀ ਅਨਸਰ ਸ਼ੈਅ ਦੇ ਰਹੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਰਕਾਰੀ ਬਿਆਨਬਾਜ਼ੀ ਲਈ ਸੰਦ ਦੇ ਤੌਰ ਤੇ ਇਸਤੇਮਾਲ ਪ੍ਰਧਾਨ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਦੇ ਹਨ ਦੂਜੇ ਬੰਨ੍ਹੇ ਭਾਰਤੀ ਸਤਾ ਅਕਾਲੀ ਮੁੱਖ ਮੰਤਰੀ ਨੂੰ ਅਤੇ ਏਜੰਸੀਆਂ ਪੰਜਾਬ ਦੇ ਡੀ.ਜੀ.ਪੀ. ਨੂੰ ਇਸਤੇਮਾਲ ਕਰ ਜਾਂਦੀ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਹੀ ਖਬਰਾਂ ਦੀ ਸੁਰਖੀ ਪੰਜਾਬੀ ਦੀਆਂ ਪੰਥਕ ਅਖ਼ਬਾਰਾਂ ਸਮੇਤ ਸਮੂਹ ਵਿਸ਼ਵ ਵਿਚ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਵਿਚ ਲਗਦੀ ਹੈ। ਅਫ਼ਸੋਸਨਾਕ ਪੱਖ ਇਹ ਹੈ ਕਿ ਇਸ ਦੀ ਗੰਭੀਰਤਾ, ਇਸ ਦੇ ਪੈਣ ਵਾਲੇ ਵਰਤਮਾਨ ਪ੍ਰਭਾਵ, ਇਸ ਰਾਹੀਂ ਫੁੰਡੇ ਜਾਣ ਵਾਲੇ ਦੂਰਗਾਮੀ ਨਿਸ਼ਾਨੇ ਨੂੰ ਸਿੱਖ ਇੰਟੈਲੀਜੈਂਸੀਆਂ ਸਮਝ ਹੀ ਨਹੀਂ ਪਾ ਰਿਹਾ ਹੈ ਅਤੇ ਹਰ ਕੋਈ ਚੁੱਪ ਹੈ। ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਨ੍ਹਾਂ ਵਿਦੇਸ਼ੀ ਸਿੱਖਾਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਅੱਤਵਾਦੀ ਵਿਸ਼ਵ ਭਰ ਵਿਚ ਇਨ੍ਹਾਂ ਲੋਕਾਂ ਨੇ ਬਣਾ ਦਿੱਤਾ ਹੈ ਉਹ ਵਿਦੇਸ਼ੀ ਸਿੱਖ ਜਿਹੜੇ ਦੁਨੀਆਂ ਭਰ ਵਿਚ ਰੌਲਾ ਪਾਈ ਫਿਰਦੇ ਹਨ ਅਤੇ ਇਹ ਤਾਅਨੇ-ਮਿਹਣੇ ਦੇਣੋ ਕਦੇ ਵੀ ਗੁਰੇਜ਼ ਨਹੀਂ ਕਰਦੇ ਕਿ ਪੰਜਾਬ ਦਾ ਸਿੱਖ ਡਰ ਗਿਆ ਹੈ, ਪਤਿਤ ਹੋ ਗਿਆ ਹੈ ਤੇ ਉਹ ਸੁਚੇਤ ਹਨ; ਅੱਜ ਆਪਣੇ ਤੇ ਲਗ ਚੁੱਕੇ ਇਨ੍ਹਾਂ ਧੱਬਿਆਂ ਤੇ ਪੂਰੀ ਤਰ੍ਹਾਂ ਸੰਵੇਦਨਾਵਹੀਣ, ਨਿਰਜੀਵ ਅਤੇ ਦੜ ਵੱਟਣ ਵਾਲਾ ਕਿਰਦਾਰ ਅਦਾ ਕਰ ਰਹੇ ਹਨ। ਵਿਦੇਸ਼ਾਂ ਵਿਚ ਸੰਗਠਿਤ ਖ਼ਾਲਸਤਾਨੀਆਂ ਨੂੰ ਇਸ ਦਾ ਸਪਸ਼ਟ ਜਵਾਬ ਦੇਣਾ ਹੀ ਬਣਦਾ ਹੈ ਕਿ ਉਹ ਲੋਕ ਅੱਤਵਾਦੀ ਹਨ ਜਾਂ ਸਿੱਖ ਰਾਸ਼ਟਰਵਾਦ ਦੇ ਸੰਵਿਧਾਨਿਕ ਲੋਕਤੰਤਰੀ ਗਣਰਾਜੀ ਪ੍ਰਗਟਾਅ ਦੇ ਸੰਘਰਸ਼-ਸ਼ੀਲ ਸਿਆਸੀ ਕਾਰਕੁੰਨ। ਇਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੋ ਬੇੜੀਆਂ ਦੀ ਸਵਾਰੀ ਉਨ੍ਹਾਂ ਨੂੰ ਡੋਬੇਗੀ ਹੀ, ਤਾਰੇਗੀ ਨਹੀਂ। ਇਸ ਦਾ ਜਵਾਬ ਤੁਰਤ ਵਿਦੇਸ਼ਾਂ ਵਿਚ ਬੈਠੇ ਉਨ੍ਹਾਂ ਖ਼ਾਲਸਤਾਨੀਆਂ ਨੂੰ ਦੇਣਾ ਆਵੱਸ਼ਕ ਸੀ ਜਿਨ੍ਹਾਂ ਨੂੰ ਅੱਤਵਾਦੀ ਖ਼ਾਲਸਤਾਨੀ ਸਾਬਿਤ ਕਰ ਦਿੱਤਾ ਗਿਆ ਹੈ। ਵਿਦੇਸ਼ਾਂ ਵਿਚਲੇ ਕਾਲੀ ਸੂਚੀਆਂ ਵਿਚ ਦਰਜ ਸਿੱਖਾਂ ਨੂੰ ਵੀ ਬੇ-ਗ਼ੈਰਤ ਅਕਾਲੀਆਂ ਰਾਹੀਂ ਕਾਲੀ ਸੂਚੀਆਂ ਖਤਮ ਕਰਾਉਣ ਦੇ ਲਗਾਤਾਰ ਫ਼ਰਿਆਦੀ ਪੱਤਰ ਭੇਜਣ ਦੀ ਬਜਾਏ, ਅਤੇ ਮੁਜ਼ਾਹਰੇ ਕਰਨ ਦੀ ਬਜਾਏ ਠੋਸ ਕਾਰਵਾਈ ਕਰਨ ਦੀ ਲੋੜ ਹੈ। ਜਿਸ ਲਈ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਨੇ ਹੁਣ ਪੰਜਾਬ ਵਿਚ ਸਿਆਸੀ, ਸਮਾਜਿਕ, ਸੰਵਿਧਾਨਿਕ, ਕਾਨੂੰਨੀ ਅਤੇ ਸੱਭਿਆਚਾਰਕ ਠੋਸ ਧਰਾਤਲ ਅਤੇ ਵਾਤਾਵਰਣ ਨਿਰਮਿਤ ਕਰ ਦਿੱਤਾ ਹੈ। ਇਸ ਦਲ ਨੇ ਤਾਂ ਅਧਾਰ ਭੂਤ ਮੁੱਢਲੇ ਕਾਨੂੰਨੀ ਸੰਕਲਪ ਅਤੇ ਸਬੂਤ ਵੀ ਨਿਰਮਤ ਕਰ ਦਿੱਤੇ ਹਨ ਜਿਸ ਰਾਹੀਂ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਤੇ ਲਾਏ ਗਏ ਇਸ ਕੋਝੇ ਆਰੋਪ ਤੋਂ ਉਹ ਮੁਕਤ ਹੋ ਸਕਦੇ ਹਨ। ਕਾਰਵਾਈ ਤਾਂ ਉਨ੍ਹਾਂ ਨੂੰ ਖੁਦ ਅੱਗੇ ਹੋ ਕੇ ਆਪਣੇ ਮੋਢਿਆਂ ਤੇ ਉਵੇਂ ਹੀ ਕਰਨੀ ਪੈਣੀ ਹੈ ਜਿਵੇਂ ਇਸ ਦਲ ਨੇ ਆਪਣੇ ਮੋਢਿਆਂ ਤੇ ਖ਼ਾਲਸਤਾਨ ਦੇ ਸੰਘਰਸ਼ ਦੀ ਸੰਵਿਧਾਨਿਕ, ਸਿਆਸੀ, ਕਾਨੂੰਨੀ ਅਤੇ ਲੋਕਤਾਂਤਰਿਕ ਸੰਘਰਸ਼ ਦੀ ਅਗਵਾਈ ਚੁਕਦੇ ਹੋਏ ਭਾਰਤ ਵਿਚ ਖ਼ਾਲਸਤਾਨ ਨੂੰ ਅੱਤਵਾਦ ਤੋਂ ਪਿਛਲੇ ਚਾਰ ਸਾਲਾਂ ਦੇ ਨਿੱਕੇ ਜਿਹੇ ਸਮੇਂ ਵਿਚ ਖਤਮ ਹੀ ਨਹੀਂ ਕਰਵਾ ਦਿੱਤਾ ਸਗੋਂ ਇਹ ਸਾਬਤ ਕਰ ਦਿੱਤਾ ਹੈ ਕਿ ਖ਼ਾਲਸਤਾਨ ਦਾ ਸੰਕਲਪ ਰਾਸ਼ਟਰਵਾਦਿਤਾ ਅਤੇ ਸੱਭਿਅਤਾ ਦਾ ਲੋਕਤਾਂਤਰਿਕ ਗਣਰਾਜੀ ਪ੍ਰਣਾਲੀ ਦੀ ਵਿਵਸਥਾ ਦੀ ਸਥਾਪਨਾ ਦਾ ਸਿੱਖ ਸੰਕਲਪ ਸੰਵਿਧਾਨ ਦੇ ਤਹਿਤ ਕਾਨੂੰਨੀ ਸੰਘਰਸ਼ ਹੈ। ਇਹ ਕਾਨੂੰਨੀ ਤੇ ਸੰਵਿਧਾਨ ਚਾਰਾਜੋਈ ਰਾਹੀਂ ਪੰਜਾਬ ਵਿਧਾਨ ਸਭਾ ਵਿਚ ਸਰਕਾਰ-ਏ-ਖ਼ਾਲਸਾ ਦੀ ਕਾਇਮੀ ਦੇ ਜਰੀਏ ਖ਼ਾਲਸਤਾਨੀ ਵਿਵਸਥਾ ਅਤੇ ਪ੍ਰਣਾਲੀ; ਸਿੱਖ ਭਾਰਤ ਦੀ ਧਰਤੀ ਤੇ ਚਾਹੁੰਦੇ ਹਨ। ਜੋ ਉਨ੍ਹਾਂ ਦਾ ਜਨਮ ਸਿੱਧ ਸੰਵਿਧਾਨਿਕ, ਕਾਨੂੰਨੀ, ਅੰਤਰਾਸ਼ਟਰੀ ਨਿਯਮਾਂ ਦੇ ਤਹਿਤ ਵਿਧਾਈ ਕੁਦਰਤੀ ਹੱਕ ਹੈ। ਇਸ ਨੂੰ ਸਵੀਕਾਰ ਕੀਤੇ ਹੀ ਵਿਦੇਸ਼ੀ ਸਿੱਖ ਵੀ ਆਪਣੇ ਮੱਥੇ ਤੇ ਲਗਾਤਾਰ ਲਗ ਰਹੇ ਧੱਬਿਆਂ ਨੂੰ ਧੋ ਸਕਦੇ ਹਨ।

ਦਰਅਸਲ ਭਾਰਤ ਵਿਚ ਸਿੱਖ ਰਾਸ਼ਟਰਵਾਦ ਦੇ ਸੰਕਲਪ ਨੂੰ ਅਕਾਰ ਲੈਣ ਤੋਂ ਪਹਿਲਾਂ ਹੀ ਦਫ਼ਨ ਕਰ ਦੇਣ ਦੀ ਪ੍ਰੀਕਿਰਿਆ ਆਰੰਭ ਦਿੱਤੀ ਗਈ ਹੈ ਇਸੇ ਲਈ ਹੀ ਅਸੀ ਦਿਸੰਬਰ 2007 ਦਾ ਕੌਮੀ ਸੂਰਾ ਪੰਥ ਦੀ ਅਵਾਜ਼ ਦਾ ਵਿਸ਼ੇਸ਼ ਅੰਕ ਛਾਪਿਆ ਸੀ ਜਿਸ ਵਿਚ ਇਸ ਸਾਜ਼ਿਸ਼ ਦਾ ਸੰਪੂਰਨ ਸਿਲਸਿਲੇ ਵਾਰ ਅਤੇ ਸੂਖਮ ਪ੍ਰਭਾਵ ਲਿੱਪੀ ਬੱਧ ਕੀਤਾ ਗਿਆ ਸੀ। ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਚਾਰ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਖ਼ਾਲਸਤਾਨ ਦੇ ਮੁਦੱਈ ਹੋਸ਼ ਵਿਚ ਨਹੀਂ ਆਏ ਅਤੇ ਉਨ੍ਹਾਂ ਨੇ ਇਸ ਨਮਿੱਤ ਆਪਣੇ ਆਪ ਨੂੰ ਅੱਤਵਾਦ ਦੇ ਕਲੰਕ ਤੋਂ ਮੁਕਤ ਹੋ ਕੇ, ਸਿੱਖ ਰਾਸ਼ਟਰਵਾਦ ਦੇ ਪੁੰਗਰ ਚੁੱਕੇ ਸੰਕਲਪ ਨੂੰ ਬੇਮੌਤੇ ਖਤਮ ਕਰ ਦੇਣ ਦੀਆਂ ਸਾਜ਼ਿਸ਼ਾਂ ਦੇ ਖਿਲਾਫ਼ ਅਤੇ ਉੱਚੀ ਉੱਚੀ ਸਿੱਖ ਸੁਤੰਤਰਤਾ ਹਿੱਤ ਅੜਾਉਣ ਤੋਂ ਇਲਾਵਾ ਕੋਈ ਵੀ ਠੋਸ, ਨਿੱਘਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੜ ਵਟਿਆਂ, ਪਾਸਾ ਵਟਿਆਂ ਜਾਂ ਸਮੱਸਿਆਵਾਂ ਅਤੇ ਦੁਸ਼ਮਣ ਦੇ ਹਮਲਿਆਂ ਤੋਂ ਓਹਲੇ ਹੋ ਕੇ ਬਚ ਨਿਕਲ ਜਾਣ ਦੀ ਪ੍ਰਵਿਰਤੀ ਨਾਲ ਕਦੇ ਵੀ ਕੋਈ ਵੀ ਸੱਭਿਅਤਾਧਾਰੀ ਸੱਭਯ ਕੌਮ ਜਿਉਂਦਾ ਨਹੀਂ ਬਚਦੀ। ਖਿੜੇ ਮੱਥੇ ਠੋਸ ਧਰਾਤਲ ਤੇ ਖੜ ਕੇ ਹਮਲਿਆਂ ਨੂੰ ਛਾਤੀ ਡਾਹ ਕੇ ਕਰਾਰੇ ਹੱਥੀਂ ਲਿਆਂ ਹੀ ਇਤਿਹਾਸ ਉਸਰਦਾ ਹੈ, ਕੌਮਾਂ ਬਣਦੀਆਂ ਹਨ, ਘਰ ਛੱਤੇ ਜਾਂਦੇ ਹਨ ਅਤੇ ਸਵੈਮਾਣ ਬਚਦਾ ਹੈ। ਜ਼ਿੰਦਗੀ ਤਾਂ ਜੇਲ੍ਹਾਂ ਵਿਚ ਮੁਜ਼ਰਿਮ ਵੀ ਜੀਅ ਜਾਂਦੇ ਹਨ ਅਤੇ ਅਜ਼ਾਦੀ ਵਿਚ ਮੰਗਤੇ ਵੀ ਸੁਤੰਤਰ ਜ਼ਿੰਦਗੀ ਜੀਅ ਹੀ ਜਾਂਦੇ ਹਨ।

ਜਿਹੜਾ ਸਿੱਧਾ ਚੈਲੰਜ ਹੁਣ ਵਿਦੇਸ਼ੀ ਸਿੱਖਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਵਿਦੇਸ਼ੀ ਸਿੱਖਾਂ ਵਲੋਂ ਕਰਾਰੇ ਹੱਥੀਂ ਬੋਚਿਆਂ ਹੀ ਉਨ੍ਹਾਂ ਦਾ ਸਵੈਮਾਣ ਬਚ ਸਕਦਾ ਹੈ। ਅਸੀ ਤਾਂ ਉਨ੍ਹਾਂ ਨੂੰ ਸਿਰਫ ਸਲਾਹ ਹੀ ਦੇ ਸਕਦੇ ਹਾਂ ਕਿ ਭਾਈ ਸਿੰਘੋ ! ਜਾਂ ਤਾਂ ਖੁਲ ਕੇ ਸਵੀਕਾਰ ਲਵੋ ਕਿ ਤੁਸੀ ਅੱਤਵਾਦੀ ਹੋ, ਤੁਹਾਡਾ ਨਿਸ਼ਾਨਾ ਵੀ ਅੱਤਵਾਦ ਫੈਲਾਉਣਾ ਹੀ ਹੈ ਅਤੇ ਇਸੇ ਲਈ ਹੀ ਬਕੌਲ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਤੁਸੀ ਕਾਲੀਆਂ ਸੂਚੀਆਂ ਵਿਚ ਹੋ। ਨਿੱਕਰਧਾਰੀ, ਮਹਾਂਸ਼ਾਈ ਵਿਚਾਰਧਾਰਾ ਅਨੁਸਾਰ ਫਿਰ ਕੀ ਤੁਸੀ ਸਵੀਕਾਰਦੇ ਹੋ ਕਿ ਤੁਸੀ ਖ਼ਾਲਸਤਾਨੀ ਅੱਤਵਾਦੀ ਹੋ। ਅਗਰ ਇੰਜ ਹੈ ਤਾਂ ਫਿਰ ਸਾਨੂੰ ਇਹ ਕਹਿਣ ਵਿਚ ਰਤਾ ਭਰ ਵੀ ਗੁਰੇਜ਼ ਨਹੀਂ ਕਿ ਤੁਸੀ ਸਿੱਖ ਰਾਸ਼ਟਰਵਾਦ ਦੇ ਗਣਰਾਜੀ ਲੋਕਤਾਂਤਰਿਕ ਸੰਵਿਧਾਨਿਕ ਅਤੇ ਕਾਨੂੰਨੀ ਪ੍ਰਗਟਾਅ ਦੇ ਪੰਥ ਖ਼ਾਲਸੇ ਦੀ ਖ਼ਾਲਸਤਾਨੀ ਵਿਵਸਥਾ ਅਤੇ ਪ੍ਰਣਾਲੀ ਵਾਲੀ ਪ੍ਰਗਟ ਹੋਣ ਲਈ ਤੜਪ ਰਹੀ ਵਿਧਾਇਕਾ ਰਾਹੀਂ ਸਰਕਾਰ-ਏ-ਖ਼ਾਲਸਾ ਦੇ ਮੱਥੇ ਦਾ ਵਾਕੇ ਹੀ ਕਲੰਕ ਬਣ ਗਏ ਹੋ। ਕੀ ਆਪਣਾ ਇਹ ਸਟੇਟਸ ਤੁਹਾਨੂੰ ਸਵੀਕਾਰ ਹੈ ? ਅਗਰ ਨਹੀਂ ਤਾਂ ਕੌਮੀ ਸੂਰਾ ਪੰਥ ਦੀ ਅਵਾਜ਼ ਤੁਹਾਨੂੰ ਤੁਹਾਡੀਆਂ ਬਰੂਹਾਂ ਤੇ ਆ ਕੇ ਲਲਕਾਰਦਾ ਹੈ ਕਿ ਇਸ ਕਲੰਕ ਨੂੰ ਸਾਫ਼ ਕਰੋ ਤੇ ਅਜਿਹੀਆਂ ਕੌਝੀਆਂ ਕਾਰਵਾਈਆਂ ਦੇ ਖਿਲਾਫ਼ ਭਾਰਤ ਅੰਦਰ ਅਤੇ ਅੰਤਰਾਸ਼ਟਰੀ ਕੋਰਟ ਵਿਚ ਅਜਿਹੀ ਗੱਲਾਂ ਕਰਨ ਵਾਲਿਆਂ ਦੇ ਵਿਰੁੱਧ ਮੁਕੱਦਮੇ ਚਲਾਉ। ਤੁਹਾਡੇ ਵਿਹੜੇ ਵਿਚ ਦੁਸ਼ਮਣ ਵਲੋਂ ਪਾਈ ਗਈ ਹੁਣ ਤੁਹਾਨੂੰ ਇਹੋ ਵੰਗਾਰ ਹੈ। ਜਿਸ ਦਾ ਤੁਸੀ ਜਵਾਬ ਦੇਣਾ ਹੈ।

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ

[ Top ]

 

Login to post a comment.
If you are not registered at eSikh.com you can do it right now for FREE and get all the advantages our website offers.

Login | Register Free