10 ਮਾਰਚ 2004 ਦੇ ਦਿਨ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ (ਵੇਦਾਂਤੀ) ਨੇ ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਨੂੰ “ਪੰਥ ਚੋਂ ਖਾਰਿਜ” ਕਰਨ ਦਾ ਅਖੌਤੀ ਐਲਾਣ ਕੀਤਾ । ਇਹ ਕਾਰਵਾਈ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਆਪਣੀ ਘਟ ਸੀ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਵਧੇਰੇ । ਯਾਨਿ ਇਹ ਅਖੌਤੀ ਹੁਕਮਨਾਮਾ ਧਾਰਮਿਕ ਨਹੀਂ ਬਲਕਿ ਕਬਾਇਲੀ ਸੋਚ ਜਾਂ ਨਿਜੀ ਕਿੜ ਦਾ ਨਤੀਜਾ ਸੀ । ਇਸ ਅਖੌਤੀ ਹੁਕਮਨਾਮੇ ਦੇ ਜਾਰੀ ਹੁੰਦਿਆਂ ਹੀ ਸਿੱਖ ਵਿਦਵਾਨਾਂ ਨੇ ਇਸ ਨੂੰ ਇਕ ਰਾਏ ਨਾਲ ਰੱਦ ਕਰਨ ਦਾ ਐਲਾਨ ਕਰ ਦਿਤਾ । ਇਹੋ ਜਿਹੀ ਹਰਕਤ ਦਾ ਨਤੀਜਾ ਇਹੀ ਹੋਣਾ ਸੀ । ਇਹ ਸਾਰਾ ਕੁਝ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਹੀ ਸੀ । ਪਰ, ਇਸ ਦਾ ਜ਼ਿੰਮੇਦਾਰ ਸਭ ਤੋਂ ਵਧ ਗੁਰਚਰਨ ਸਿੰਘ ਟੌਹੜਾ ਸੀ ਤੇ ਦੂਜੇ ਨੰਬਰ ‘ਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਹੋਰੀਂ ਸਨ । ਇਨ੍ਹਾਂ ਦੋਹਾਂ ਨੂੰ ਪਤਾ ਸੀ ਕਿ ਸਿੱਖ ਪੰਥ ਇਸ ਅਸਿੱਖ ਹਰਕਤ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ; ਪਰ ਇਹ ਇਸ ਕਰ ਕੇ ਨਹੀਂ ਕਿ ਸਿੱਖ ਵਿਦਵਾਨ ਜੋਗਿੰਦਰ ਸਿੰਘ ਸਪੋਕਸਮੈਨ ਦੇ ਦੋਸਤ ਜਾਂ ਹਿਮਾਇਤੀ ਹਨ, ਬਲਕਿ ਇਸ ਕਰ ਕੇ ਕਿ ਇਹ ਕਾਰਵਾਈ ਸਾੜੇ, ਪੱਖਪਾਤ, ਨਫ਼ਰਤ ਤੇ ਕਬਾਈਲੀ ਸੋਚ ਤੇ ਸਿਆਸੀ ਕਿੜ ਵਿਚੋਂ ਨਿਕਲੀ ਸੀ । ਘਟੋ-ਘਟ ਗਿਆਨੀ ਜੋਗਿੰਦਰ ਸਿੰਘ (ਵੇਦਾਂਤੀ) ਹੋਰਾਂ ਨੂੰ ਤਾਂ ਇਹ ਪਤਾ ਸੀ ਕਿ ਉਸ ਦੇ ਅਖੌਤੀ ਹੁਕਮਨਾਮੇ ਨੂੰ ਜੋਗਿੰਦਰ ਸਿੰਘ ਸਪੋਕਸਮੈਨ ਨੇ ਠੁਕਰਾ ਦੇਣਾ ਹੈ ਅਤੇ ਸਿੱਖ ਵਿਦਵਾਨਾਂ ਨੇ ਰੱਦ ਕਰ ਦੇਣਾ ਹੈ ।
ਮੈਂ 4 ਮਾਰਚ ਨੂੰ ਉਨ੍ਹਾਂ ਨੂੰ ਉਚੇਚੇ ਤੌਰ ‘ਤੇ ਅੰਮ੍ਰਿਤਸਰ ਜਾ ਕੇ ਮਿਲ ਕੇ ਇਹ ਗੱਲ ਸਮਝਾਈ ਸੀ ਤੇ ਉਨ੍ਹਾਂ ਨੇ ਮੇਰੀ ਗੱਲ ਨਾਲ ਇਕ ਰਾਏ ਵੀ ਜ਼ਾਹਿਰ ਕੀਤੀ ਸੀ ਤੇ ਵਾਅਦਾ ਕੀਤਾ ਸੀ ਕਿ ਅਸੀਂ ਦੋਵੇਂ (ਮੈਂ ਤੇ ਵੇਦਾਂਤੀ ਜੀ) ਰਲ ਕੇ ਇਸ ਨੂੰ ਟਾਲਣ ਵਿਚ ਰੋਲ ਅਦਾ ਕਰਾਂਗੇ ਪਰ ਸਿਰਫ਼ ਇਕ ਦਿਨ ਪਹਿਲਾਂ (8 ਅਤੇ 9 ਮਾਰਚ ਦੀ ਰਾਤ ਨੂੰ) ਵੇਦਾਂਤੀ ਜੀ ਨੇ ਟੌਹੜੇ ਅੱਗੇ ਹਥਿਆਰ ਸੁਟ ਦਿਤੇ ਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਵਾਉਣ ਵਿਚ ਸ਼ਾਮਿਲ ਹੋਣ ਦੇ ਕਸੂਰਵਾਰ ਬਣ ਗਏ । ਵੇਦਾਂਤੀ ਜੀ ਨੂੰ ਇਹ ਕਮਜ਼ੋਰੀ ਨਹੀਂ ਸੀ ਦਿਖਾਉਣੀ ਚਾਹੀਦੀ ਕਿਉਂ ਕਿ ਹੁਣ ਉਨ੍ਹਾਂ ਨੂੰ ਨੌਕਰੀ ਦੀ ਕੋਈ ਲੋੜ ਨਹੀਂ ਸੀ ਤੇ ਉਨ੍ਹਾਂ ਲੋਕ ਚੋਖੀ ਰਕਮ ਇਕੱਠੀ ਹੋ ਚੁਕੀ ਸੀ । ਪਰ ਕਮਜ਼ੋਰ ਗੁਰਦੇ ਵਾਲੇ ਵੇਦਾਂਤੀ ਜੀ ਨੇ ਟੌਹੜੇ ਦੇ ਹੁਕਮ ਨੂੰ ਟਾਲ ਕੇ ਸ਼ਹੀਦ ਹੋਣਾ ਮਨਜ਼ੂਰ ਨਹੀਂ ਕੀਤਾ ਬਲਕਿ ਤਵਾਰੀਖ਼ ਵਿਚ ਖ਼ੁਦਕੁਸ਼ੀ ਕਰਨੀ ਮਨਜ਼ੂਰ ਕਰ ਲਈ ਹੈ ।
ਪਰ, ਇਹ ਸਭ ਕੁਝ ਪਹਿਲੀ ਵਾਰੀ ਨਹੀਂ ਹੋਇਆ । ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦੀ ਇਹ ਪਹਿਲੀ ਘਟਨਾ ਨਹੀਂ ਹੈ । ਇਸ ਤੋਂ ਪਹਿਲਾਂ ਸ੍ਰ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਵੀ ਵੀਡੀਓ ਕਾਨਫ਼ਰੰਸਿੰਗ ‘ਤੇ ਜਵਾਬ ਦੇਣਾ ਮੰਨਣ ਦੇ ਬਾਵਜੂਦ ਅਖੌਤੀ ਤੌਰ ‘ਤੇ “ਪੰਥ ‘ਚੋਂ ਖਾਰਿਜ” ਕੀਤਾ ਜਾ ਚੁਕਾ ਸੀ । {ਮੈਂ ਕਾਲਾ ਅਫ਼ਗ਼ਾਨਾ ਦਾ ਹਿਮਾਇਤੀ ਨਹੀਂ ਹਾਂ ਅਤੇ ਮੇਰੇ ਵਿਚਾਰ ਵਿਚ ਉਨ੍ਹਾਂ ਦੀਆਂ ਕਿਤਾਬਾਂ ਵਿਚ ਇਤਰਾਜ਼ ਵਾਲੀਆਂ ਕਈ ਗੱਲਾਂ ਹਨ ਤੇ ਉਨ੍ਹਾਂ ਨੂੰ ਉਹ ਵਾਪਿਸ ਲੈਣੀਆਂ ਚਾਹੀਦੀਆਂ ਹਨ । ਜਦ ਮੌਕਾ ਮਿਲਿਆ, ਮੈਂ ਉਨ੍ਹਾਂ ਨਾਲ ਮਿਲਾਂਗਾ ਤੇ ਇਹ ਗੱਲ ਉਨ੍ਹਾਂ ਤੋਂ ਮੰਨਵਾਵਾਂਗਾ} ।ਸ੍ਰ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਤੋਂ ਪਹਿਲਾਂ ਅਜਿਹੀ ਹਰਕਤ ਗਿਆਨੀ ਭਾਗ ਸਿੰਘ ਨਾਲ ਵੀ ਕੀਤੀ ਜਾ ਚੁਕੀ ਸੀ । ਫ਼ਰਵਰੀ 2004 ਵਿਚ ਅਜੋਕੀ ਸਿੱਖ ਮਿਸ਼ਨਰੀ ਲਹਿਰ ਦੇ ਫ਼ਾਊਂਡਰ ਮੁਖ ਆਗੂ ਸ੍ਰ. ਮਹਿੰਦਰ ਸਿੰਘ ਜੋਸ਼ ਨੇ ਆਪਣੇ ਲੇਖ “ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਨੂੰ ਯਾਰ੍ਹਵਾਂ ਗੁਰੂ ਨਾ ਬਣਾਓ” ਵਿਚ ਇਹ ਦੋਸ਼ ਲਾਇਆ ਸੀ ਕਿ 5 ਜੁਲਾਈ 1977 ਨੂੰ ਗਿਆਨੀ ਭਾਗ ਸਿੰਘ ਅੰਬਾਲਾ ਨੂੰ “ਪੰਥ ‘ਚੋਂ ਅਖੌਤੀ ਤੌਰ ‘ਤੇ ਖ਼ਾਰਿਜ ਕਰਨ” ਦੇ ਪਿੱਛੇ ਕਥਾਕਾਰ ਗਿਆਨੀ ਸੰਤ ਸਿੰਘ ਮਸਕੀਨ (ਅਤੇ ਟੌਹੜਾ ਦੇ ਯਾਰ ਪ੍ਰਿੰਸੀਪਲ ਸਤਿਬੀਰ ਸਿੰਘ) ਵੱਲੋਂ ਸਾਜਿਸ਼ੀ ਰੋਲ ਅਦਾ ਕੀਤਾ ਜਾਣਾ ਸੀ । ਉਂਞ ਭਾਗ ਸਿੰਘ ਅੰਬਾਲਾ ਵਿਚਾਰੇ ਨੇ ਭਾਵੇਂ ਕੁਝ ਚਿਰ ਗੁਰਚਰਨ ਸਿੰਘ ਟੌਹੜਾ ਅਤੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਇਸ ਧੱਕੇਸ਼ਾਹੀ ਅਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਦੇ ਖ਼ਿਲਾਫ਼ ਖੜਾ ਹੋਣ ਦੀ ਦਲੇਰੀ ਤਾਂ ਕੀਤੀ ਪਰ ਟੌਹੜਾ ਦੇ ਚਾਲਾਕ ਸਾਥੀਆਂ ਨੇ ਉਸ ਤੋਂ ਧੋਖੇ ਨਾਲ ਅਖੌਤੀ ‘ਮੁਆਫ਼ੀਨਾਮੇ’ ‘ਤੇ ਦਸਤਖ਼ਤ ਕਰਵਾ ਲਏ ।
ਇੰਜ ਹੀ ਮਈ 1994 ਵਿਚ ਰਛਪਾਲ ਸਿੰਘ ਦਿੱਲੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਇਆ ਅਤੇ ਉਸ ਨੇ ਆਪਣੀਆਂ ‘ਭੁੱਲਾਂ’ ਦੀ ਮੁਆਫ਼ੀ ਮੰਗੀ ਤੇ ਉਸ ਨੁੰ 21 ਦਿਨ ਦੀ ਧਾਰਮਿਕ ਸੇਵਾ ਦੀ ਤਨਖ਼ਾਹ ਲਾਈ ਗਈ । ਉਸ ਨੇ ਕੁਝ ਦਿਨ ਤਾਂ ‘ਸੇਵਾ’ ਕੀਤੀ ਪਰ ਪਹਿਲੀ ਜੂਨ ਨੂੰ ਬਗ਼ਾਵਤ ਕਰਨ ਦਾ ਐਲਾਣ ਕਰ ਦਿਤਾ । ਉਸ ਨੇ ਕਿਹਾ ਕਿ “ਮਨਜੀਤ ਸਿੰਘ (ਉਦੋਂ ਮੁਖ ਸੇਵਾਦਾਰ ਅਕਾਲ ਤਖ਼ਤ ਸਾਹਿਬ) ਗੁਰਚਰਨ ਸਿੰਘ ਟੌਹੜਾ ਦਾ ਇਕ ਮੁਲਾਜ਼ਮ ਹੈ ਤੇ ਉਸ ਦਾ ਅਖੌਤੀ ਹੁਕਮਨਾਮਾ ਇਕ ਫ਼ਰਾਡ ਹੈ ।” {ਇਹ ਘਟਨਾ ਦੇਣ ਦਾ ਮਕਸਦ ਮੇਰਾ ਰਛਪਾਲ ਸਿੰਘ ਨੂੰ ਸਹੀ ਆਖਣਾ ਨਹੀਂ ਬਲਕਿ ਇਹ ਕਹਿਣਾ ਹੈ ਕਿ ਟੌਹੜਾ ਅਤੇ ਅਕਾਲ ਤਖ਼ਤ ਸਾਹਿਬ ਦਾ ਉਦੋਂ ਦਾ ਪੁਜਾਰੀ ਮਨਜੀਤ ਸਿੰਘ (ਪ੍ਰੋ) ਅਕਾਲ ਤਖ਼ਤ ਸਾਹਿਬ ਦਾ ਅਦਬ ਕਾਇਮ ਨਹੀਂ ਸਨ ਰਖ ਸਕੇ} ।
ਇਸ ਤੋਂ ਮਗਰੋਂ ਭਾਈ ਰਣਜੀਤ ਸਿੰਘ ਦਾ ਜ਼ਮਾਨਾ ਆਇਆ । ਟੌਹੜਾ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਰਣਜੀਤ ਸਿੰਘ ਦੀ ਕਾਬਲੀਅਤ (ਕੁਆਲੀਫ਼ੀਕੇਸ਼ਨ) ਸਿਰਫ਼ ਇਹੀ ਸੀ ਕਿ ਉਸ ਨੇ ਨਕਲੀ ਨਿਰੰਕਾਰੀ ਚੀਫ਼ ਨੂੰ ਉਸ ਦੀਆਂ ਕਰਤੂਤਾਂ ਦੀ ਸਜ਼ਾ ਦਿਤੀ ਸੀ । ਪਰ, ਅਕਾਲ ਤਖ਼ਤ ਸਾਹਿਬ ਦਾ ਮੁਖ ਸੇਵਾਦਾਰ ਲਾਉਣ ਵੇਲੇ ਸਿਰਫ਼ ਏਨੀ ਹੀ ਕਾਬਲੀਅਤ ਕਾਫ਼ੀ ਨਹੀਂ ਸੀ ਹੋਣੀ ਚਾਹੀਦੀ । ਖ਼ੈਰ, ਰਣਜੀਤ ਸਿੰਘ ਨੂੰ ਵੀ ਗੁਰਚਰਨ ਸਿੰਘ ਟੌਹੜਾ ਨੇ ਪਹਿਲੇ ਪੁਜਾਰੀਆਂ ਵਾਂਗ ਵਰਤਣਾ ਚਾਹਿਆ । ਰਣਜੀਤ ਸਿੰਘ ਵਿਚਾਰਾ ਤਾਂ ਡਾਂਗ ਦੀ ਬੋਲੀ ਤੋਂ ਸਿਵਾ ਕੁਝ ਜਾਣਦਾ ਹੀ ਨਹੀਂ ਸੀ ਤੇ ਉਹ ਕਈ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਤੌਹੀਨ ਹੀ ਨਹੀਂ ਬਲਕਿ ਉਨ੍ਹਾਂ ‘ਤੇ ਜਿਸਮਾਨੀ ਹਮਲੇ ਵੀ ਕਰ ਚੁਕਾ ਸੀ । ਪਰ, ਉਸ ਨੇ ਆਪਣੀ ਅਖੌਤੀ ਜਥੇਦਾਰੀ ਅਤੇ ਰਿਹਾਈ ਵਿਚ ਟੌਹੜਾ ਤੇ ਸੁਰਜੀਤ ਬਰਨਾਲਾ ਦੇ ਰੋਲ ਦਾ ਪੂਰਾ-ਪੂਰਾ ਮੁਲ ਮੋੜਿਆ । ਉਹ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਸੁਰਜੀਤ ਬਰਨਾਲੇ ਨੂੰ ਹਮੇਸ਼ਾ ਆਪਣਾ “ਆਕਾ” ਸਮਝਦਾ ਰਿਹਾ ਤੇ ਗੁਰਚਰਨ ਸਿੰਘ ਟੌਹੜਾ ਨੂੰ ਆਪਣਾ “ਮਾਈ-ਬਾਪ” । ਜਦ 15 ਫ਼ਰਵਰੀ 1998 ਦੇ ਦਿਨ ਗੁਰਚਰਨ ਸਿੰਘ ਟੌਹੜਾ ਨੇ ਪਟਿਆਲਾ ਦੇ ਨਕਲੀ ਨਿਰੰਕਾਰੀ ਭਵਨ ਵਿਚ ਜਾ ਕੇ ਹਾਜ਼ਰੀ ਲੁਆਈ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਤਾਂ ਅਮਰਿੰਦਰ ਸਿੰਘ (ਹੁਣ ਚੀਫ਼ ਮਨਿਸਟਰ) ਨੇ ਇਸ ਮਸਲੇ ਨੂੰ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਅੱਗੇ ਪੇਸ਼ ਕਰ ਦਿਤਾ । ਪਰ, ਅਮਰਿੰਦਰ ਸਿੰਘ ਨੂੰ ਕੀ ਪਤਾ ਸੀ ਕਿ ਭਾਈ ਰਣਜੀਤ ਸਿੰਘ ਤਾਂ ਟੌਹੜਾ ਦੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਹੈ । ਉਹੀ ਹੋਇਆ ਜਿਹੜਾ ਟੌਹੜਾ ਵਰਗੇ ਬੰਦੇ ਕਰ ਸਕਦੇ ਸਨ । ਟੌਹੜਾ ਅਖ਼ਬਾਰਾਂ ਵਿਚ ਮੰਨ ਕੇ ਵੀ ਨਕਲੀ ਨਿਰੰਕਾਰੀ ਭਵਨ ਗਏ ਹੋਣ ਤੋਂ ਸ਼ਰੇਆਮ ਮੁਕਰ ਗਿਆ । ਮੈਨੂੰ ਟੌਹੜਾ ਦੇ ਨਕਲੀ ਨਿਰੰਕਾਰੀ ਭਵਨ ਜਾਣ ਬਾਰੇ ਅਸਲ ਕਹਾਣੀ ਦੀ ਜਾਣਕਾਰੀ ਟੌਹੜਾ ਦੇ ਇਕ ਵੱਡੇ ਖ਼ੈਰ-ਖ਼੍ਵਾਹ, ਡਾਕਟਰ ਬਲਕਾਰ ਸਿੰਘ ਪਟਿਆਲਾ, ਨੇ ਦਿਤੀ ਸੀ ਤੇ ਟੌਹੜਾ ਨੇ ਇਸ ਭੁੱਲ ਨੂੰ ਬਖ਼ਸ਼ਾਉਣ ਵਾਸਤੇ ਅਕਾਲ ਤਖ਼ਤ ਸਾਹਿਬ ‘ਤੇ ਲਿਖਤੀ ਚਿੱਠੀ ਵੀ ਹਾਜ਼ਿਰ ਕੀਤੀ ਹੋਈ ਸੀ । ਬੀਤੇ ਦਿਨੀਂ ਗਿਆਨੀ ਜਗਤਾਰ ਸਿੰਘ ਜਾਚਕ ਅਮਰੀਕਾ ਤੋਂ ਆਏ ਤਾਂ ਅਸੀਂ ਦੋ-ਤਿੰਂਨ ਘੰਟੇ ਕੌਮ ਦਾ ‘ਦੁਖ-ਸੁਖ’ ਫਰੋਲਦੇ ਰਹੇ । ਇਸ ਮੌਕੇ ‘ਤੇ ਮੇਰੇ ਨਾਲ ਅਜੋਕੀ ਸਿੱਖ ਮਿਸ਼ਨਰੀ ਲਹਿਰ ਦੇ ਇਕ ਮੋਢੀ ਆਗੂ ਗਿਆਨੀ ਜਗਮੋਹਨ ਸਿੰਘ ਲੁਧਿਆਣਾ ਵਾਲੇ ਵੀ ਸਨ । ਇਸ ਮੌਕੇ ‘ਤੇ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ‘ਤੇ 25 ਜੂਨ 1988 ਦੀ ਘਟਨਾ ਦਾ ਅੱਖੀਂ ਡਿੱਠਾ ਬਿਆਨ ਕੀਤਾ ਕਿ ਕਿਵੇਂ ਭਾਈ ਰਣਜੀਤ ਸਿੰਘ ਨੇ ਟੌਹੜਾ ਦੀ ਚਿੱਠੀ ਬਦਲ ਦਿਤੀ ਤੇ ਟੌਹੜਾ ਨੂੰ ਮੁਆਫ਼ ਕਰ ਦਿਤਾ । ਭਾਈ ਰਣਜੀਤ ਸਿੰਘ ਦੀ ਇਹ ਕਾਰਵਾਈ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਸੀ । ਇਹ ਠੀਕ ਹੈ ਕਿ ਉਸ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਇਹ ਤੌਹੀਨ ਟੌਹੜਾ ਨੂੰ ਬਚਾਉਣ ਵਾਸਤੇ ਕੀਤੀ ਗਈ ਸੀ । ਭਾਈ ਰਣਜੀਤ ਸਿੰਘ ਨੇ ਨਿਰੰਕਾਰੀ ਭਵਨ ਤੋਂ ਇਲਾਵਾ 31 ਦਸੰਬਰ 1998 ਨੂੰ ਵੀ ਇਕ ਅਖੌਤੀ ਹੁਕਮਨਾਮਾ ਜਾਰੀ ਕਰ ਕੇ ਟੌਹੜਾ ਦੀ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ, 15 ਅਪ੍ਰੈਲ 1999 ਤਕ, ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਭਾਵੇਂ ਉਹ ਕਾਮਯਾਬ ਨਾ ਹੋ ਸਕਿਆ ।(ਉਂਞ, ਮਗਰੋਂ, 2003 ਵਿਚ, ਇਸ ਅਹਿਸਾਨ-ਫ਼ਰਾਮੋਸ਼ ਟੌਹੜਾ ਨੇ ਭਾਈ ਰਣਜੀਤ ਸਿੰਘ ਨਾਲ ਵੀ ਬੇਵਫ਼ਾਈ ਕੀਤੀ) ।
ਇਹ ਸਾਰਾ ਕੁਝ ਸਿਰਫ਼ ਉਪਰ ਜ਼ਿਕਰ ਕੀਤੀਆਂ ਚੰਦ ਕੂ ਘਟਨਾਵਾਂ ਹੀ ਨਹੀਂ ਹਨ । ਗੁਰਚਰਨ ਸਿੰਘ ਟੌਹੜਾ ਨੇ ਤਾਂ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿਜੀ ਮੁਫ਼ਾਦ ਵਾਸਤੇ ਕਈ ਵਾਰੀ ਬਹਿਸ-ਗੋਚਰਾ ਬਣਾਇਆ ਤੇ ਇਸ ਇੰਸਟੀਚਿਊਸ਼ਨ ਦੀ ਤੌਹੀਨ ਕੀਤੀ । ਟੌਹੜਾ 6 ਜਨਵਰੀ 1973 ਦੇ ਦਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਸੀ । ਉਸ ਦਾ ਸਭ ਤੋਂ ਪਹਿਲਾ ਹਮਲਾ ਗਿਆਨੀ ਭਾਗ ਸਿੰਘ ‘ਤੇ ਸੀ । ਇਹ ਹਰਕਤ ਉਵੇਂ ਹੀ ਸੀ ਜਿਵੇਂ 18 ਮਾਰਚ 1877 ਨੂੰ ਮਹੰਤਾਂ, ਪੁਜਾਰੀਆਂ ਤੇ ਸਰਕਾਰੀ ਟੁਕੜਬੋਚਾਂ ਨੇ ਪ੍ਰੋ. ਗੁਰਮੁਖ ਸਿੰਘ ਨਾਲ ਕੀਤੀ ਸੀ । ਇਸ ਮਗਰੋਂ ਟੌਹੜਾ ਨੇ ਅਕਾਲ ਤਖ਼ਤ ਸਾਹਿਬ ‘ਤੇ ਦੂਜਾ ਵੱਡਾ ਵਾਰ ਉਦੋਂ ਕੀਤਾ ਜਦ 1979 ਵਿਚ ਉਸ ਨੇ ਤਲਵੰਡੀ ਨੂੰ ਨਾਲ ਰਲਾ ਕੇ ਇਸ ਨੂੰ ਬਾਦਲ ਦੇ ਖ਼ਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ । ਪਰ, ਇਹ ਹਥਿਆਰ ਉਲਟਾ ਟੌਹੜਾ ਦੇ ਖ਼ੁਦ ਦੇ ਖ਼ਿਲਾਫ਼ ਹੀ ਚਲਿਆ । ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਸਾਧੂ ਸਿਂੰਘ ਭੌਰਾ ਨੂੰ “ਦਾਮ, ਸਾਮ, ਦੰਡ, ਭੇਦ” ਦੇ ਫ਼ਾਰਮੂਲੇ ਦੀ ਵਰਤੋਂ ਨਾਲ ਟੌਹੜਾ ਦੀ ਕੈਦ ਚੋਂ ਖੋਹ ਲਿਆ ਤੇ ਆਪਣੀ ਮਰਜ਼ੀ ਚਲਾ ਲਈ । ਹੁਣ ਟੌਹੜਾ ਨੇ, ਮਜਬੂਰਨ, ਬਾਦਲ ਨਾਲ ਸੌਦੇਬਾਜ਼ੀ ਕਰ ਲਈ ਤੇ ਦੋਹਾਂ ਦੇ ਸਮਝੌਤੇ ਨੇ ਤਲਵੰਡੀ ਦੀ “ਬਲੀ” ਲੈ ਲਈ । ਤਲਵੰਡੀ ਨਾਲ ਦਗ਼ਾ ਕਰਨ ਮਗਰੋਂ ਟੌਹੜਾ ਨੇ ਸਾਧੂ ਸਿੰਘ ਭੌਰਾ ਨੂੰ ਉਸ ਦੇ ਪਿੰਡ ਦਾ ਰਾਹ ਦਿਖਾ ਦਿਤਾ । ਭੌਰਾ ਨੂੰ ਕਿਵੇਂ ਜ਼ਲੀਲ ਕਰ ਕੇ ਨੌਕਰੀ ਤੋਂ ਵੀ ਅਤੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਕੁਆਰਟਰ ਤੋਂ ਵੀ ਕੱਢਿਆ ਗਿਆ, ਇਹ ਕਹਾਣੀ 1998 ਵਿਚ ਮੈਨੂੰ ਸ਼ਰੋਮਣੀ ਕਮੇਟੀ ਦੇ ਸਾਬਕ (ਸਾਜਸ਼ੀ) ਸਕੱਤਰ ਕੁਲਵੰਤ ਸਿੰਘ ਨੇ ਮਿਰਚਾਂ ਲਾ-ਲਾ ਕੇ ਸੁਣਾਈ ਸੀ । ਇੰਜ ਕੀਤਾ ਸੀ ਟੌਹੜਾ ਨੇ ਅਕਾਲ ਤਖ਼ਤ ਸਾਹਿਬ ਦੇ ਉਸ ਪੁਜਾਰੀ ਨਾਲ, ਜਿਸ ਨੇ ਉਸ (ਟੌਹੜਾ) ਨੂੰ ਪੱਠੇ ਨਹੀਂ ਸਨ ਪਾਏ ।
ਟੌਹੜਾ ਨੇ ਸਧੂ ਸਿੰਘ ਭੌਰਾ, ਮਨਜੀਤ ਸਿੰਘ (ਪ੍ਰੋ), ਭਾਈ ਰਣਜੀਤ ਸਿੰਘ ਨੂੰ ਪੂਰੀ ਤਰ੍ਹਾਂ ਅਤੇ ਬੁਰੀ ਤਰ੍ਹਾਂ ਵਰਤਿਆ ਤੇ ਵਰਤਣ ਮਗਰੋਂ ਚੂਪੇ ਅੰਬ ਦੀ ਗਿਟਕ ਵਾਂਗ ਵਗਾਹ ਮਾਰਿਆ । ਉਹ ਆਪ ਤਾਂ ਇਨ੍ਹਾਂ ਅਖੌਤੀ ਜਥੇਦਾਰ-ਪੁਜਾਰੀਆਂ ਨਾਲ ਇਹ ਸਲੂਕ ਕਰਦਾ ਰਿਹਾ ਪਰ ਲੋਕਾਂ ਨੂੰ ਇਨ੍ਹਾਂ ਦੇ ਪੱਖਪਾਤੀ ਹੁਕਮਾਂ ਨੂੰ “ਇਲਾਹੀ ਹੁਕਮ ਮੰਨ ਕੇ ਸਿਰ ਝੁਕਾਉਣ ਵਾਸਤੇ” ਕਹਿੰਦਾ ਰਿਹਾ । ਟੌਹੜਾ ਦੀ ਸ਼ੁਰੂ ਕੀਤੀ ਪਰਪਾਟੀ ਅਤੇ ਉਸ ਵੱਲੋਂ ਵਰਤੇ ਗਏ, ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਦੇ ਅਖੌਤੀ ਹੁਕਮਨਾਮੇ ਦੇ ਹਥਿਆਰ ਨੂੰ, ਉਸ ਦੇ ਵਾਰਿਸਾਂ ਨੇ ਵੀ ਉਸੇ ਦੇ ਤਰੀਕੇ ਨਾਲ ਹੋਰਾਂ ਦੇ ਖ਼ਿਲਾਫ਼ ਵੀ ਤੇ ਟੌਹੜੇ ਦੇ ਆਪਣੇ ਖ਼ਿਲਾਫ਼ ਵੀ ਵਰਤਿਆ । ਇਸ ਹਾਲਤ ਵਿਚ ਟੌਹੜਾ ਵਿਚਾਰਾ ਫਸਿਆ ਮਹਿਸੂਸ ਕਰਦਾ ਸੀ । ਪਰ ਟੌਹੜੇ ਦੀ ਹਾਲਤ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਵਾਲੀ ਸੀ ।
ਇਹ ਸਾਰੀ ਤਵਾਰੀਖ਼ ਦਸਦੀ ਹੈ ਕਿ ਅਕਾਲ ਤਖ਼ਤ ਸਾਹਿਬ ਇੰਸਟੀਚਿਊਸ਼ਨ ਦੀ ਬੇਅਦਬੀ ਦਾ ਜ਼ਿੰਮੇਦਾਰ ਸਿਰਫ਼ ਤੇ ਸਿਰਫ਼ ਗੁਰਚਰਨ ਸਿੰਘ ਟੌਹੜਾ ਹੀ ਹੈ । ਇਸ ਇੰਸਟੀਚਿਊਸ਼ਨ ਦਾ ਅਦਬ ਕਾਇਮ ਰਖਣ ਵਾਸਤੇ ਜਿੱਥੇ ਇਸ ਦੇ ਆਈਨ ਦੀ ਕੋਡੀਫ਼ੀਕੇਸ਼ਨ ਜ਼ਰੂਰੀ ਹੈ ਉੱਥੇ ਗੁਰਚਰਨ ਸਿੰਘ ਟੌਹੜਾ ਤੇ “ਮਹਾਂ ਮੁਕੱਦਮਾ” ਚਲਾਉਣਾ (impeachment ਕਰਨਾ) ਵੀ ਬੇਹੱਦ ਜ਼ਰੂਰੀ ਹੈ ਤਾਂ ਜੋ ਮੁੜ ਕੇ ਕੋਈ ਚੌਧਰੀ ਅਕਾਲ ਤਖ਼ਤ ਸਾਹਿਬ ਦੀ ਜਾਂ ਪੰਥ ਦੀ ਕਿਸੇ ਹੋਰ ਇੰਸਟੀਚਿਊਸ਼ਨ ਦੀ ਬੇਅਦਬੀ ਨਾ ਕਰ ਸਕੇ ।
ਮੈਂ ਜਾਣਦਾ ਹਾਂ ਕਿ ਹੁਣ ਟੌਹੜਾ ਕੋਈ ਬਹਾਨਾ ਲਾ ਕੇ ਮੈਨੂੰ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਰਾਹੀਂ ਤਲਬ ਕਰਵਾਉਣ ਦੀਆਂ ਤਰਕੀਬਾਂ ਘੜੇਗਾ । ਪਰ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀਆਂ ਹਰਕਤਾਂ ਕਾਰਨ ਸਿਰਫ਼ ਵਿਦਵਾਨ ਹੀ ਨਹੀਂ ਆਮ ਸਿੱਖ ਵੀ ਅਕਾਲ ਤਖ਼ਤ ਸਾਹਿਬ ਨੂੰ ਟੌਹੜਾ ਦੀ ਕੈਦ ਵਿਚ ਸਮਝਦੇ ਹਨ ਤੇ ਇਸ ਦੇ ਵੱਡੇ ਪੁਜਾਰੀ (ਜਿਸ ਨੂੰ ਉਹ ਜਥੇਦਾਰ ਕਹਿੰਦਾ ਹੈ) ਨੂੰ “ਟੌਹੜਾ-ਤਖ਼ਤ ਦਾ ਜਥੇਦਾਰ” ਆਖਦੇ ਹਨ । ਅਜਿਹੇ ਲੱਲੂ-ਪੰਜੂਆਂ ਤੋਂ ਕੌਣ ਡਰਦਾ ਹੈ ? Who is afraid of Virgina Wolf ?
| < Prev |
|---|




