ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਸੰਮਤ 1665 (ਸੰਨ 1608) ਵਿਚ ਛੇਵੇਂ ਪਾਤਸ਼ਾਹ ਨੇ ਅਕਾਲਬੁੰਗਾ (ਮੋਜੂਦਾ ਅਕਾਲ ਤਖਤ ਸਾਹਿਬ) ਨੂੰ ਕਾਇਮ ਕੀਤਾ। ਦਰਅਸਲ ਇਹ ਬੁੰਗਾ ਜ਼ਾਮਿਨ ਸੀ ਪੰਥ ਦੀ ਆਜ਼ਾਦ ਹਸਤੀ ਦਾ ਤਾਕਿ ਸਮੇਂ ਸਮੇਂ ਦੀਆਂ ਹਕੂਮਤਾਂ ਜਾਂ ਵਿਰੋਧੀ ਤਾਕਤਾਂ ਪੰਥ ਨੂੰ ਅਪਣੇ ਦਬਾਅ ਜਾਂ ਪ੍ਰਭਾਵ ਅਧੀਨ ਨਾ ਵਰਤ ਸਕਣ। ਪਰ ਇਸ ਦਾ ਇਹ ਮਨਸ਼ਾ ਕਦੇ ਵੀ ਨਹੀਂ ਸੀ ਪੰਥ ਵਿਚ ਕਦੇ ਕੋਈ ਵਿਦਵਾਨ ਉਭਰ ਹੀ ਨਾ ਸਕੇ ਅਤੇ ਵਿਰੋਧੀ ਤਾਕਤਾਂ ਇਥੇ ਅਪਣੇ ਪਿੱਠੂ ‘ਜਥੇਦਾਰ’ ਜਾਂ ‘ਸਿੰਘ ਸਾਹਿਬ’ ਕਾਇਮ ਕਰਕੇ ਪੰਥ ਦੀਆਂ ਸਤਿਕਾਰਜੋਗ ਹਸਤੀਆਂ ਨੂੰ ਹੀ ਨਿੱਤ ਅਪਮਾਨਿਤ ਕਰਨ।ਇਸਤੋਂ ਵੱਡੀ ਗਲ ਕਿ ਇਸਦਾ ਨਾਮ ਇਤਿਹਾਸ ਵਿਚ ਕਦੇ ਵੀ ‘ਅਕਾਲ ਤਖਤ’ ਜਾਂ ‘ਅਕਾਲਤਖਤ ਸਾਹਿਬ’ ਨਹੀਂ ਆਇਆ। ਹਾਂ, ਪਾਤਸ਼ਾਹ ਇਥੇ ਤਖਤ ਲਗਾ ਕੇ, ਦੋ ਵੱਕਤ ਦਿਵਾਨ ਸਜਾਇਆ ਕਰਦੇ ਸਨ।
‘ਅਕਾਲ ਤਖਤ’ ਤਾਂ ਸਿਖੀ ਜੀਵਨ ਦਾ ਸਿਧਾਂਤ ਹੈ, ਅਤੇ ਉਹ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਿਲਡਿੰਗ ਤਾਂ ਇਕ ਵੱਖਰੀ ਗਲ ਹੈ। ਸੰਸਾਰ ਉਪਰ ਜੇਕਰ ਕਿੱਧਰੇ ਵੀ ‘ਅਕਾਲ ਤਖਤ ਸਾਹਿਬ’ ਵਾਲਾ ਸਿਧਾਂਤ ਪ੍ਰਗਟ ਹੁੰਦਾ ਹੈ ਤਾਂ ਉਸਦਾ ਪ੍ਰਗਟਾਵਾ ਹਨ- ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਜਿਹੜਾ ਕਿ ਸਮੇਂ ਸਮੇਂ ਨਾਲ ਮਾਰੂਥਲਾਂ ਅਤੇ ਛੰਬਾਂ ਦੇ ਸਥਾਨਾਂ ਤੋਂ ਵੀ ਪ੍ਰਗਟ ਕਰਨ ਦੀ ਲੋੜ ਪਈ- ਕੋਈ ਵਿਸ਼ੇਸ਼ ਸਥਾਨ, ਕੋਈ ਮਨੁਖ ਜਾਂ ਬਿਲਡਿੰਗ ਨਹੀਂ। ਇਸੇ ਤਰ੍ਹਾਂ ਸਿਖਾਂ ਉਪਰ ਜਿਹੜਾ ਹੁਕਮਨਾਮਾ ਲਾਗੂ ਹੁੰਦਾ ਹੈ-ਕੇਵਲ ਅਤੇ ਕੇਵਲ ਗੁਰਬਾਣੀ ਰੂਪ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ। ਕਿਸੇ ਮਨੁਖ ਜਾਂ ਸੰਸਥਾ ਦਾ ਨਹੀਂ। ਤਾਂ ਸੁਆਲ ਪੈਦਾ ਹੁੰਦਾ ਹੈ ਹੈ ਕਿ ਕੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕਿਸੇ ਨੂੰ ਪੰਥ ਵਿਚੋਂ ਛੇਕਣ ਦੀ ਇਜਾਜ਼ਤ ਦੇਂਦੇ ਹਨ? ਕਦਾਚਿਤ ਨਹੀਂ। ਤਾਂ ਫਿਰ ਸਮਾਂ ਮੰਗ ਕਰਦਾ ਹੈ ਕਿ ਕਦੋਂ ਅਤੇ ਕਿਸ ਸ਼ਰਾਰਤ ਅਧੀਨ ‘ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਗਵਾਹੀ ਕਰਨ ਵਾਸਤੇ ਕਾਇਮ ਕੀਤੇ ਗਏ ਸਥਾਨ ਨੂੰ ਹੀ ਅਚਾਨਕ ‘ਅਕਾਲ ਤਖਤ’ ਵਿਚ ਤਬਦੀਲ ਕਰ ਦਿਤਾ ਗਿਆ ਅਤੇ ਧਰਤੀ ਉਪਰ ‘ਅਕਾਲ ਪੁਰਖ ਦੇ ਹੀ ਅਸਲੀ ਤਖਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਦੂਜੇ ਨੰਬਰ ਤੇ ਪਾ ਦਿਤਾ ਗਿਆ। ਇਸਤਰ੍ਹਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਤਾਬਿਆ ਚਲਣ ਵਾਸਤੇ ਕਾਇਮ ਇਸ ਗੁਰੂ ਦੇ ਪੰਥ ਦੀ ਹੌਂਦ ਨੂੰ ਹੀ ਖੇਰੂੰ ਖੇਰੂੰ ਕਰਨ ਦੀ ਇਕ ਕੁਟਿਲ ਚਾਲ ਚਲੀ ਗਈ। ਕਦੇ ਗੁਰੂਡੰਮ ਅਤੇ ਡੇਹਰੇ ਕਾਇਮ ਕੀਤੇ ਗਏ ਉਹਨਾਂ ਦੀ ਪਿੱਠ ਠੋਕੀ ਗਈ ਜਦੋਂ ਦਾਲ ਨਹੀਂ ਗਲੀ ਤਾਂ ਪਹਿਲੀ ਵਾਰੀ 18 ਮਾਰਚ 1887 ਨੂੰ, ਪ੍ਰੋ: ਗੁਰਮੁਖ ਸਿੰਘ ਦੇ ਪੰਥ ਵਿਚੋਂ ਛੇਕਣ ਦੀ ਖੇਡ ਦਾ ਆਰੰਭ ਇਥੋਂ ਹੀ ਕੀਤਾ ਗਿਆ। ਉਪਰੰਤ ਕਦੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਜਹਾਜ਼) ਦੇ ਭਾਈ ਗੁਰਦਿਤ ਸਿੰਘ ਨੂੰ “ ਐਂਟੀ ਨੈਸ਼ਨਲ” ਅਤੇ “ਐਂਟੀ ਸਿਖ” ਦੇ ‘ਖਿਤਾਬ’ ਨਾਲ ਇਥੋਂ ਨਿਵਾਜਿਆ ਗਿਆ ਅਤੇ ਕਦੇ ਗਦਰੀ ਬਾਬਿਆਂ ਨੂੰ। ਕਦੇ ਕਾਤਿਲ-ਵਹਿਸ਼ੀ ਜਨਰਲ ਡਾਇਰ ਨੂੰਂ ਇਥੋਂ ਦੇ ਜ਼ਰ ਖਰੀਦ ਜੇਥਦਾਰ ਅਰੂੜ ਸਿੰਘ ਤੋਂ ‘ਸਿਰੋਪਾ’ ਦੁਆਇਆ ਗਿਆ। ਇਥੋਂ ਹੀ ਇਸੇ ਜਨਰਲ ਡਾਇਰ ਨੂੰ ਇਹ ਵੀ ਕਹਿਲਵਾਇਆ ਗਿਆ ‘ਤੂੰ ਕੇਸਾਧਾਰੀ ਨਹੀਂ ਤਾਂ ਕੋਈ ਗਲ ਨਹੀਂ-ਤੂੰ ਸਮੋਕਿੰਗ ਕਰਦਾ ਹੈ ਤਾਂ ਵੀ ਕੋਈ ਗਲ ਨਹੀਂ, ਤੂੰ ਉਹ ਸਭ ਵੀ ਕਰਦਾ ਰਹਿ-ਤਾਂ ਵੀ ਕੀ ਹੋਇਆ ਪਰ ਤੂੰ ‘ਅੰਮ੍ਰਿਤ ਛੱਕ ਸਕਦਾ ਹੈ’। ਇਥੌਂ ਹੀ ਗਾਜ ਡਿੱਗੀ ਤਾਂ ਪੰਥ ਦੀ ਮਹਾਨ ਹਸਤੀ ਗਿਆਨੀ ਭਾਗ ਸਿੰਘ ਜੀ ਅੰਬਾਲਾ ਉਪਰ ਅਤੇ ਹੁਨ ਪੰਥ ਦੀ ਮਾਇਆ ਨਾਜ਼ ਹਸਤੀ ਕਾਲਾ ਅਫ਼ਗਾਨਾ ਜੀ ਉਪਰ। ਇਥੋਂ ਹੀ ਕਿਤਨੇ ਹੀ ਰਾਜਨੀਤਿਕ “ਹੁਕਮਨਾਮਿਆਂ” ਦਾ ਡਰਾਮਾਂ ਜਦੋਂ ਜੀਅ ਆਇਆ ਚਾਲੂ ਕਰ ਦਿਤੇ ਗਏ ਅਤੇ ਜਦੋਂ ਲੋੜ ਸਮਝੀ ਤਾਂ ਵਾਪਿਸ ਲੈਣ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ। ਇਕ ਜਥੇਦਾਰ, ਦੂਜੇ ਜਥੇਦਾਰਾਂ ਨੂੰ ਪੰਥ ਵਿਚੋਂ ਛੇਕ ਰਿਹਾ ਅਤੇ ਦੂਜਾ ਉਹਨਾਂ ਨੂੰ ਵਾਪਿਸ ਲੈ ਰਿਹਾ ਹੈ ‘ਆਖਿਰ ਕਿਉਂ- ਕਿਉਂਕਿ ਇਹ ਜਥੇਦਾਰ ਤਾਂ ਕੇਵਲ ਸਰਕਾਰਾਂ ਦੇ ਪਾਣੀ ਭਰਨ ਵਾਲੇ ਹਨ’ ਜਿਹੜਾ ਹੁਕਮ ਉਪਰੋਂ ਉਹਨਾਂ ਦੇ ਆਕਾ ਦਾ ਹੁੰਦਾ ਹੈ, ਵਜਾ ਰਹੇ ਹਨ। ਉਹਨਾਂ ਦੇ ਅਪਨੇ ਹੀ ਪੈਦਾ ਕੀਤੇ ਹੁਕਮਨਾਮਿਆਂ ਦੀ ਆੜ ਵਿਚ, ਕਦੇ ਸਿਖਾਂ ਨੂੰ ਮੇਜ਼ਾਂ-ਕੁਰਸੀਆਂ ਦੇ ਸਟੰਟ ਛੇੜ ਕੇ ਦੋ-ਫ਼ਾੜ ਕੀਤਾ ਜਾਂਦਾ ਹੈ। ਕਦੇ ‘ਫਛੌ’ ਤੋਂ ‘ਜਥੇਦਾਰਾਂ’ ਨੂੰ ਹੀ ਪੰਥ ਵਿਚੋਂ ਛੇਕਣ ਵਾਸਤੇ ਹੁਕਮਨਾਮੇਂ ਇਸ਼ੂ ਕੀਤੇ ਜਾਂਦੇ ਹਨ। ਇਹਨਾਂ ਦੇ ਜਥੇਦਾਰ ਅਖਵਾਉਣ ਵਾਲੇ, ਸਿਖਾਂ ਨੂੰ ਕਦੇ ‘ਲਵ-ਕੁਸ਼’ ਦੀ ਉਲਾਦ ਗਰਦਾਨ ਰਹੇ ਹਨ, ਕਦੇ ਕਾਲਾ ਅਫ਼ਗਾਨਾ ਨਾਲ ‘ਵੀਡਿਉ ਟਾਕ’ ਦੀਆਂ ਗਲਾਂ ਕਰਕੇ ਆਪ ਮੈਦਾਨ ਵਿਚੋਂ ਦੌੜ ਰਹੇ ਹਨ ਅਤੇ ਪੰਥ ਵਿਚੋਂ ਛੇਕਣ ਦਾ ਡਰਾਮਾ ਕਰ ਰਹੇ ਹਨ। ਇਹ ਸਾਰੇ ਡਰਾਮੇ ਕੇਵਲ ਪਿਛਲੇ ਕੁਝ ਸਮੇਂ ਤੋਂ ਹਨ। ਆਖਿਰ ਇਹਨਾਂ ‘ਜਥੇਦਾਰਾਂ’ ਜਾਂ ‘ਗ੍ਰੰਥੀਆਂ’ ਪਾਸ, ਕਿਸੇ ਨੂੰ ਪੰਥ ਵਿਚੋਂ ਛੇਕਣ ਵਾਸਤੇ ਇਹੋ ਜਹੇ ‘ਹੁਕਮਨਾਮਿਆਂ’ ਵਾਲਾ ਹੱਕ ਆਇਆ ਕਿਥੌਂ? ਇਹ ਹੱਕ ਨਾਂ ਹੀ ਤਾਂ ਇਹਨਾਂ ਨੂੰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿਤਾ ਹੈ , ਨਾ ਹੀ ‘ਸਿਖ ਰਹਿਤ ਮਰਿਆਦਾ’ ਨੇ ਅਤੇ ਨਾ ਹੀ ‘ਗੁਰਦੁਆਰਾ ਐਕਟ 1925’ ਨੇ। ਤਾਂ ਫ਼ਿਰ ਇਹ ਲੋਕ ਇਹ ਤਾਨਾਸ਼ਾਹੀ ਹੱਕ ਦੀ ਵਰਤ ਕਿਥੋਂ ਰਹੇ ਹਨ? ਅਤੇ ਇਹਨਾਂ ਦੇ ਅਜੇਹੇ ਵਾਧੂ ‘ਹੁਕਮਨਾਮਿਆਂ’ ਦੀ ਕੀਮਤ ਕੀ ਹੈ? ਭਾਈ ਗੁਰਮੁਖ ਸਿੰਘ, ਭਾਈ ਗੁਰਦਿਤ ਸਿੰਘ ਵਿਰੁਧ ਗਿਆਨੀ ਭਾਗ ਸਿੰਘ ਵਿਰੁਧ ਹੁਕਮਨਾਮਿਆਂ ਦਾ ਹਸ਼ਰ ਸੰਸਾਰ ਸਾਹਮਣੇ ਹੈ। ਰਾਜਸੀ ਹੁਕਮਨਾਮੇ ‘ਅਜ ਕੱਢੇ ਅਤੇ ਕਲ ਵਾਪਿਸ’ ਦੀ ਖੇਡ ਵੀ ਸੰਸਾਰ ਸਾਹਮਣੇ ਹੈ। ਕਾਲਾ ਅਫ਼ਗਾਨਾ ਦੀਆਂ ਲਿਖਿਤਾਂ ਅਜ ਵੀ ਹਰਮਨ ਪਿਆਰੀਆਂ ਹਨ ਅਤੇ ਧੜਾਧੜ ਵਿੱਕ ਰਹੀਆਂ ਹਨ। ਕਾਤਿਲ ਡਾਇਰ ਨੂੰ ਦਿਤੇ ਗਏ ਸਿਰੋਪਾਉ ਦੀ ਖਿੱਲੀ ਅਜ ਵੀ ਸਾਰਾ ਸੰਸਾਰ ਉਡਾ ਰਿਹਾ ਹੈ। ਆਖਿਰ ‘ਗੁਰੂ ਕਾ ਪੰਥ’ ਕਿਸੇ ਪੁਜਾਰੀ ਗ੍ਰੰਥੀ ਜਾਂ ਰਾਜਸੀ ਆਗੂ ਦੀ ਨਿਜੀ ਜਾਗੀਰ ਨਹੀਂ ਅਤੇ ਇਹ ‘ਪੰਥ’ ਅਜ ਵੀ ‘ਗੁਰੂ ਕਾ’ ਹੈ ਅਤੇ ਰਵੇਗਾ ਵੀ ‘ਗੁਰੂ ਕਾ’ ਹੀ। ਸਚਾਈ ਤਾਂ ਇਹ ਹੈ ਕਿ ਅਕਾਲ ਬੁੰਗੇ (ਅਕਾਲ ਤਖਤ ਸਾਹਿਬ) ਦਾ ਸਦਾ ਤੋਂ ਇਕ ਜਾਂ ਦੂਜਾ ਕੋਈ ਨਾ ਕੋਈ ਨਿਗਰਾਨ ਰਿਹਾ ਹੈ ਜਿਸਨੂੰ ਸਰਬਰਾਹ ਜਾਂ ਕੇਅਰਟੇਕਰ ਵੀ ਆਖਿਆ ਗਿਆ ਹੈ। ਸੰਂਨ 1920 ਤੋਂ ਪਹਿਲਾਂ ਨਾ ਹੀ ਤਾਂ ਇਸਦਾ ਕੋਈ ‘ਜਥੇਦਾਰ’ ਸੀ ਅਤੇ ਨਾ ਹੀ “ਸਿੰਘ ਸਾਹਿਬ”। ਇਥੋਂ ਤੀਕ ਕਿ ਅਰੰਭ ਵਿਚ, ਪਹਿਲਾਂ ਛੇਵੇਂ ਪਾਤਸ਼ਾਹ ਆਪ, ਉਪਰੰਤ ਭਾਈ ਗੁਰਦਾਸ ਜੀ ਇਸਦੇ ਨਿਗਰਾਨ ਬਨੇ। ਇਹ ਤਾਂ ਕੇਵਲ 12 ਅਕਤੂਬਰ ਸੰਨ 1920 ਦੀ ਗਲ ਹੈ ਜਦੋਂ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸਾਰੇ ਪੁਜਾਰੀ ‘ਤਖਤ ਸਾਹਿਬ’ ਨੂੰ ਖਾਲੀ ਛਡ ਕੇ ਦੌੜ ਗਏ ਤਾਂ 25 ਸੱਜਣਾਂ ਦਾ ਇਕ ਨਿਗਰਾਨ ਜੱਥਾ ਕਾਇਮ ਕੀਤਾ ਗਿਆ ਅਤੇ ਭਾਈ ਤੇਜਾ ਸਿੰਘ ਭੁੱਚਰ ਨੂੰ, ਉਸ ਜੱਥੇ ਦਾ ਜਥੇਦਾਰ ਥਾਪਿਆ ਗਿਆ। ਫ਼ਿਰ ਉਹ ਸੱਜਣ ਵੀ ਕੇਵਲ ਉਸ ਜੱਥੇ ਦਾ ਹੀ ਜੱਥੇਦਾਰ ਸੀ-ਅਕਾਲਬੁੰਗੇ ਜਾਂ ਅਕਾਲਤਖਤ ਦਾ ਨਹੀਂ। ਹੈ ਕਿ ਉਸ ਸਮੇਂ ਤੋਂ ਇਹ ਲਫ਼ਜ਼ ਰਾਸ ਆ ਗਿਆ ਮੌਜੂਦਾ ਪੁਜਾਰੀਆਂ ਅਤੇ ਰਾਜਸੀ ਆਗੂਆਂ ਨੂੰ ਅਤੇ ਅਜ ਸਿਰਤੋੜ ਕੋਸ਼ਿਸ਼ ਹੋ ਰਹੀ ਹੈ ਇਸ ਜ਼ਹਿਰੀਲੇ ਸੱਪ ਨੂੰ-ਗੁਰੂ ਕੇ ਲਾਡਲੇ ਪੰਥ ਦੇ ਗਲ ਵਿਚ ਪਾਉਣ ਦੀ ਜਿਸਤੋਂ ਪੰਥ ਨੂੰ ਆਪ ਸੁਚੇਤ ਹੋਨ ਦੀ ਲੋੜ ਹੈ।
| < Prev | Next > |
|---|




